Sunday 7 June 2020

ਜਦੋਂ ਮੈਂ ਕਿਸੀ ਇਨਸਾਨ ਨੂੰ ਵੇਖਦਾ ਹਾਂ - Когда я вижу человека

Перевод на языке панджаби рассказа Даниила Храмса Когда я вижу человека. Источник текста имеется здесь.

ਜਦੋਂ ਮੈਂ ਕਿਸੀ ਇਨਸਾਨ ਨੂੰ ਵੇਖਦਾ ਹਾਂ ਤਾਂ ਮੇਰਾ ਦਿਲ ਉਸਦਾ ਬੂਥਾ ਭੰਨਣ ਦਾ ਕਰਦਾ ਹੈ। ਕਿਨ੍ਹਾਂ ਮਜ਼ੇਦਾਰ ਹੈ ਨਾ ਕਿਸੇ ਦੇ ਬੂਥੇ ਉੱਤੇ ਮਾਰਨਾ!

ਮੈਂ ਆਪਣੇ ਕਮਰੇ ਵਿਚ ਬੈਠਾ ਹੋਇਆ ਹਾਂ ਅਤੇ ਕੁਝ ਨਹੀ ਕਰ ਰਿਹਾ ਹਾਂ!

ਅਚਾਨਕ ਹੀ ਕੋਈ ਮਹਿਮਾਨ ਤਸ਼ਰੀਫ਼ ਲਿਆਉਂਦਾ ਹੈ ਅਤੇ ਦਰਵਾਜ਼ੇ ਉੱਤੇ ਖੜਕਾਉਂਦਾ ਹੈ।

ਮੈਂ ਕਹਿੰਦਾ ਹਾਂ, “ਅੰਦਰ ਆ ਜਾਵੋ।”

ਉਹ ਅੰਦਰ ਆ ਜਾਂਦਾ ਹੈ ਅਤੇ ਕੰਹਿਦਾ ਹੈ, “ਜ਼ਦਰਾਸਤਵੂਈਤੇ*! ਖੁਸ਼ਕਿਸਮਤੀ ਹੈ ਮੇਰੀ ਕਿ ਤੁਸੀ ਘਰੇ ਮਿਲ ਗਏ।”

ਅਤੇ ਮੈਂ ਨਾਲ ਹੀ ਉਸ ਦਾ ਬੂਥਾ ਖੜਕਾ ਦਿੰਦਾ ਹਾਂ ਅਤੇ ਫਿਰ ਬੂਟ ਉਸ ਦੀਆਂ ਲੱਤਾ ਵਿਚ ਮਾਰਦਾ ਹਾਂ। ਮੇਰਾ ਮਹਿਮਾਨ ਦਰਦ ਕਾਰਨ ਪਿੱਠ ਭਾਰ ਨੀਚੇ ਗਿਰਦਾ ਹੈ। ਫਿਰ ਮੈਂ ਜੁੱਤੀ ਦੀ ਹੀਲ ਉਸ ਦੀਆਂ ਅੱਖਾਂ ਵਿਚ ਵਾੜ ਦਿੰਦਾ ਹਾਂ। ਜਦੋਂ ਤਕ ਕੋਈ ਬੁਲਾਏ ਨਾ, ਇੱਦਰ-ਉੱਦਰ ਅਵਾਰਾਗਿਰਦੀ ਨਾ ਕਰੋ।

ਅਤੇ ਕੁਝ ਇਸ ਤਰ੍ਹਾ ਹੁੰਦਾ ਹੈ।

ਮੈਂ ਮਹਿਮਾਨ ਨੂੰ ਚਾਹ ਦਾ ਕੱਪ ਪੁੱਛਦਾ ਹਾਂ। ਮਹਿਮਾਨ ਹਾਂ ਕਰਦਾ ਹੈ ਅਤੇ ਕੁਰਸੀ ਉੱਤੇ ਬੈਠ ਜਾਂਦਾ ਹੈ ਅਤੇ ਚਾਹ ਪੀਂਦਾ ਹੈ ਅਤੇ ਕੋਈ ਕਹਾਣੀ ਸੁਣਾਉਣ ਲੱਗ ਜਾਂਦਾ ਹੈ।

ਮੈਂ ਇੰਝ ਬਣਦਾ ਹਾਂ ਕਿ ਸਬ ਕੁੱਝ ਬੜੇ ਧਿਆਨ ਨਾਲ ਸੁਣ ਰਿਹਾ ਹਾਂ, ਸਿਰ ਹਿਲਾਂਦਾ ਹਾਂ, ਹਾਂ ਵਿਚ ਹਾਂ ਮਿਲਾਉਂਦਾ ਹਾਂ, ਹੈਰਾਨੀ ਵੀ ਪ੍ਰਗਟ ਕਰਦਾ ਹਾਂ ਅਤੇ ਮੁਸਕੁਰਾਉਂਦਾ ਹਾਂ। ਮਹਿਮਾਨ ਮੇਰੇ ਵਲੋਂ ਮਿਲ ਰਹੀ ਇਨ੍ਹੀ ਇੱਜਤ ਲੈ ਕੇ ਹੋਰ-ਹੋਰ ਖੁਸ਼ ਹੋਣ ਲੱਗਦਾ ਹੈ।

ਮੈਂ ਚੁੱਪ-ਚਾਪ ਇੱਕ ਕੱਪ ਗਰਮ ਪਾਣੀ ਨਾਲ ਭਰਦਾ ਹਾਂ ਅਤੇ ਗਰਮ ਪਾਣੀ ਉਸ ਦੇ ਬੂਥੇ ਉੱਤੇ ਛਿੜਕਾ ਦਿੰਦਾ ਹਾਂ। ਮਹਿਮਾਨ ਖੜ੍ਹਾ ਹੋ ਜਾਂਦਾ ਹੈ ਅਤੇ ਆਪਣੇ ਮੂੰਹ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ। ਅਤੇ ਮੈਂ ਉਸ ਨੂੰ ਕਹਿੰਦਾ ਹਾਂ, “ਮੇਰੀ ਰੂਹ ਵਿਚ ਕੋਈ ਚੰਗਿਆਈ ਨਹੀ ਬਚੀ ਹੈ। ਭੱਜ ਜਾ ਇੱਥੋਂ।” ਇਸ ਤਰ੍ਹਾਂ ਮੈਂ ਮਹਿਮਾਨ ਨੂੰ ਭਜਾ ਦਿੰਦਾ ਹਾਂ।

* ਸਤਿ ਸ਼੍ਰੀ ਅਕਾਲ ਜੀ

Sunday 2 June 2019

ਬੇਵਜਿਹ ਦੀ ਖੁਸ਼ੀ

ਕਈ ਵਾਰ ਬੇਵਜਿਹ ਦੀ ਹੀ ਖੁਸ਼ੀ ਹੁੰਦੀ ਹੈ। ਲੇਕਿਨ ਅੱਜ ਕਲ੍ਹ ਦੀ ਖੁਸ਼ੀ ਦੀ ਇੱਕ ਵੱਡੀ ਅਤੇ ਬਹੁਤ ਸਾਰੀਆਂ ਛੋਟੀਆਂ ਵਜਿਹਾਵਾਂ ਹਨ। ਆਨਾ ਦਾ ਵੀਜ਼ਾ ਲਗ ਚੁੱਕਾ ਹੈ। ਉਹ ਇੱਥੇ ਜੁਲਾਈ ਵਿਚ ਆ ਜਾਵੇਗੀ। ਸਾਡੀ ਗਲਬਾਤ ਸ਼ੁਰੂ ਹੋਣ ਦੇ ਤਕਰੀਬਨ ਪੰਜ ਕੁ ਸਾਲ ਬਾਅਦ ਅਸੀ ਇੱਕਠੇ ਰਹਿਣਾ ਸ਼ੁਰੂ ਕਰ ਦੇਵਾਂਗੇ।

ਇਸ ਤੋਂ ਇਲਾਵਾ ਖੁਸ਼ੀ ਦੀ ਗੱਲ ਹੈ ਅਦਬੀ ਚੀਨੀ ਭਾਸ਼ਾ (文言文) ਦਾ ਇੱਕ ਕਾਇਦਾ ਮਿਲਣਾ ਜੋ ਕਿ 1819 ਵਿਚ ਛਪਿਆ ਸੀ। ਕਾਇਦੇ ਦਾ ਨਾਮ ਹੈ 三字經 ਅਤੇ ਮੈਨੂੰ ਕਾਇਦਾ ਬੜਾ ਪਸੰਦ ਆਇਆ ਹੈ। ਮੈਂ ਉਮੀਦ ਕਰਦਾ ਹਾਂ ਕਿ ਇੱਕ ਦਿਨ ਇਸ ਦਾ ਪੰਜਾਬੀ ਵਿਚ ਤਰਜੁਮਾ ਕਰ ਸਕਾਂ।
人之初 性本善 性相近 習柤遠

ਇਨਸਾਨ ਮੁੱਢ ਤੋਂ ਚੰਗੇ ਹੀ ਹੁੰਦੇ ਹਨ। ਉਨ੍ਹਾਂ ਦੇ ਸੁਭਾਅ ਇੱਕ ਦੂਜੇ ਨਾਲ ਮਿਲਦੇ ਹਨ। ਉਨ੍ਹਾਂ ਦੇ ਕੰਮ ਹੀ ਉਨ੍ਹਾਂ ਨੂੰ ਇੱਕ ਦੂਜੇ ਤੋਂ ਵੱਖਰਾ ਬਣਾਉਂਦੇ ਹਨ।

ਇਸ ਤੋਂ ਇਲਾਵਾ ਆਨਾ ਦੇ ਘਰੋਂ ਚੋਰੀ ਕੀਤੀ ਇੱਕ ਕਿਤਾਬ В этом бушующем мире ਟਰੰਕ ਵਿਚੋਂ ਕੱਢੀ ਹੈ ਅਤੇ ਪੜ੍ਹਨੀ ਸ਼ੁਰੂ ਕੀਤੀ ਹੈ। ਆਨਾ ਅੱਜ ਹੀ ਗਾਲ੍ਹਾਂ ਕੱਢ ਰਹੀ ਸੀ, "ਤੂੰ ਸਿਰਫ਼ ਮੇਰੀਆਂ ਕਿਤਾਬਾ ਕਰਕੇ ਮੇਰੇ ਨਾਲ ਵਿਆਹ ਕਰ ਰਿਹਾ ਹੈਂ।" ਇਹ ਬਿਲਕੁਲ ਝੂਠ ਹੈ ਲੇਕਿਨ ਮੇਰੀ ਬੋਲਣ ਦੀ ਹਿੰਮਤ ਹੀ ਨਹੀ ਹੋਈ।

В этом бушующем мире
В этом бушующем мире

ਅੱਜ ਜਦੋਂ ਟਾਮ ਅਪਾਸਟਲ (Tom Apostol) ਦੀ ਕਿਤਾਬ Calculus ਚੱਕੀ ਤਾਂ ਪਤਾ ਲਗਿਆ ਕਿ ਮੈਂ ਬਹੁਤ ਕੁਝ ਭੁੱਲ ਚੁੱਕਾ ਹਾਂ। ਆਪਣੀ ਖੁਸ਼ੀ ਲਈ ਅਤੇ ਕੁਦਰਤ ਨੂੰ ਸਮਝਣ ਲਈ ਇਸ ਨੂੰ ਰਿਵਾਈਜ਼ ਕਰਨਾ ਜ਼ਰੂਰੀ ਹੈ। MIT OCW ਉੱਤੇ ਪਏ ਕੋਰਸ Calculus Revisited ਅਤੇ NCERT ਦੀਆਂ ਪਲੱਸ-1 ਅਤੇ ਪਲੱਸ-2 ਦੀ ਕਿਤਾਬਾਂ ਰਾਹੀਂ ਰਿਵਿਜ਼ਨ ਦਾ ਪਲਾਨ ਹੈ।

ਅਖੀਰ ਵਿਚ ਇੱਕ ਗਲ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ ਜੋ ਕਿ ਮੈਂ ਹੁਣੇ-ਹੁਣੇ ਹੀ ਪੜ੍ਹੀ ਹੈ। ਕਿਸੀ ਸਬਜੈਕਟ ਨੂੰ ਉੱਪਰੋਂ-ਉੱਪਰੋਂ ਜਾਣਨਾ ਤਾਂ ਆਸਾਨ ਹੈ ਲੇਕਿਨ ਉਸ ਦੀ ਤਹਿ ਵਿਚ ਜਾਉਣਾ ਮੁਸ਼ਕਲ। ਮੈਂ ਵੀ ਮੁਜਰਮ ਹਾਂ ਇਸ ਜੁਰਮ ਦਾ। ਮੇਰੀ ਨੋਲਿਜ ਸਤਿਹੀ (superficial) ਹੈ। ਹੁਣ ਤੋਂ ਕੋਸ਼ਿਸ਼ ਰਹੇਗੀ ਕਿ ਇਲ ਜੁਰਮ ਦਾ ਪਛਤਾਵਾ ਕਰਨਾ ਅਤੇ ਜੋ ਕੁਝ ਸਿਖ ਰਿਹਾ ਹਾਂ, ਉਸ ਨੂੰ ਦਿਲ ਨਾਲ ਸਿਖਣਾ।
教之道,貴以專

ਪੜ੍ਹਨ ਦਾ ਸਹੀ ਤਰੀਕਾ ਹੈ, ਲਗਨ ਦੀ ਕਦਰ ਜਾਣੋ।

Sunday 2 December 2018

ਲਗਦਾ ਹੈ ਕਿ 2018 ਵਿਚ 33 ਨੰਬਰ ਆ ਗਏ

ਅੱਜ ਦਸੰਬਰ ਦਾ ਦੂਜਾ ਦਿਨ ਹੈ। ਗਿਆਰਾਂ ਮਹੀਨੇ ਮੈਂ ਇਸ ਬਲਾੱਗ 'ਤੇ ਕੁਝ ਨਹੀ ਲਿਖਿਆ ਜੋ ਇੱਕ ਸ਼ਰਮਿੰਦਗੀ ਦੀ ਗਲ ਹੈ। ਵਜ੍ਹਾਵਾਂ ਉਹੀ ਪੁਰਾਣੀਆ ਹਨ: ਆਲਸਪੁਣਾ ਅਤੇ ਆਪਣੇ ਟਿੱਚਿਆਂ ਨੂੰ ਪੂਰਾ ਨਾ ਕਰਨ ਦਾ ਦੁੱਖ। ਹਾਲ ਵਿਚ ਹੀ ਦਾਸਤੋਵਸਕੀ ਦਾ ਨਾਵਲ ਬਰਦਰਜ਼ ਕਾਰਾਮਾਜੋਵ ਖਤਮ ਕਰਨ ਤੋਂ ਬਾਅਦ ਥੋੜ੍ਹਾ ਹੌਂਸਲਾ ਹੋਇਆ ਹੈ। ਹੁਣ ਲਗ ਰਿਹਾ ਹੈ ਕਿ 2018 ਪਿਛਲੇ ਵਰ੍ਹਿਆਂ ਨਾਲੋ ਘੱਟ ਖਰਾਬ ਸੀ।

ਰੂਸ ਵਿਚ ਮਾਈਕ ਦੇ ਨਾਲ (В России с Майком)
Аэропорт в Новосибирске. С Майком.

ਜਨਵਰੀ ਵਿਚ ਮੈਂ ਆਪਣੀ ਕੰਪਨੀ ਬਦਲ ਲਈ, ਅਪ੍ਰੈਲ ਵਿਚ ਤਾਇਕਵਾਨਡੋ ਦੀਆਂ ਕਲਾਸਾਂ ਜੁਆਇਨ ਕਰ ਲਈਆਂ, ਜੁਲਾਈ ਵਿਚ 14 ਦਿਨਾਂ ਲਈ ਰੂਸ ਗਿਆ ਅਤੇ ਨਵੰਬਰ ਵਿਚ ਬਰਦਰਜ਼ ਕਾਰਾਮਾਜੋਵ ਖਤਮ ਕੀਤਾ। ਅੱਜ ਦਾਨੀਇਲ ਗਰਾਨਿਨ (Даниил Гранин) ਦਾ ਆਖਰੀ ਇੰਟਰਵਿਊ ਸੁਣ ਅਤੇ ਪੜ੍ਹ ਰਿਹਾ ਹਾਂ। ਭਾਵੇਂ ਮੁਸ਼ਕਲ ਨਾਲ ਹੀ ਸਹੀ, ਥੋੜ੍ਹੀ ਬਹੁਤ ਰੂਸੀ ਸਮਝ ਆਉਣ ਲਗ ਪਈ ਹੈ। ਪਰ ਇਸ ਦਾ ਮਤਲਬ ਇਹ ਬਿਲਕੁਲ ਨਹੀ ਕਿ 2018 ਵਿਚ ਮੈਂ ਉਹ ਸਬ ਕੀਤਾ ਜੋ ਸੋਚ ਕੇ ਬੈਠਾ ਸੀ।

С Анной в Новосибирске. Четан и Анна в России.
Спящая красавица. В новосибирском театре с Анной.

ਆਲਸ, ਮੋਬਾਈਲ ਯੂਜ਼ ਕਰਨ ਦੀ ਆਦਤ, ਅਤੇ ਆਫਿਸ ਦੀਆਂ ਰੋਜ਼ਮਰ੍ਹਾਂ ਦੀਆਂ ਪਾਰਟੀਆਂ ਵਿਚ ਮੈਂ ਕਾਫ਼ੀ ਵਕਤ ਜ਼ਾਇਆ ਕਰ ਚੁੱਕਾ ਹਾਂ। ਇਨ੍ਹਾਂ ਆਦਤਾਂ ਨੂੰ ਮੈਂ ਕਾਬੂ ਵਿਚ ਰੱਖਣਾ ਚਾਹੁੰਦਾਂ ਹਾਂ। ਇਸ ਲਈ ਸੋਚਿਆ ਹੈ ਕਿ ਦੰਸਬਰ ਵਿਚ ਕੁਝ ਗੋਲਸ ਰੱਖਾਂ ਅਤੇ ਉਨ੍ਹਾਂ ਨੂੰ ਪੂਰਾ ਕਰਾਂ।

ਇਸ ਮਹੀਨੇ ਦਾ ਸਬ ਤੋਂ ਜ਼ਰੂਰੀ ਗੋਲ ਹੈ MadCap Flare ਸਿਖਣਾ ਸ਼ੁਰੂ ਕਰਨਾ। ਹੁਣੇ-ਹੁਣੇ ਮੈਂ ਇੱਕ ਨਵੀ ਟੀਮ ਵਿਚ ਕੰਮ ਕਰਨਾ ਸ਼ੁਰੂ ਕੀਤਾ ਹੈ ਅਤੇ ਉਹ ਟੀਮ ਆਪਣੀ ਟੈਕਨੀਕਲ ਡਾਕੂਮੈਂਟੇਸ਼ਨ MadCap Flare ਵਿਚ ਕਰਦੀ ਹੈ। ਬਿਨ੍ਹਾਂ MadCap Flare ਦੇ ਇਸ ਟੀਮ ਵਿਚ ਰਹਿਣਾ ਮੁਸ਼ਕਲ ਹੈ। ਇਹ ਇੱਕ ਚੰਗਾ ਮੌਕਾ ਹੀ ਅਤੇ ਇਸ ਲਈ ਮੈਂ ਖੁਸ਼ ਹਾਂ।

ਕੰਮ ਤੋਂ ਇਲਾਵਾ ਮੇਰੋ ਹੋਰ ਗੋਲ ਰਹਿਣਗੇ:
  1. ਤਾਇਕਵਾਨਡੋ ਦੀਆਂ ਘੱਟੋ-ਘੱਟ 16 ਕਲਾਸਾਂ ਲਗਾਉਣੀਆਂ
  2. MIT OCW 'ਤੇ ਪਏ ਹਰਬ ਗ੍ਰੋਸ (Herb Gross) ਦੇ ਕੋਰਸ Calculus Revisited ਦਾ ਪਹਿਲਾਂ ਭਾਗ Sets, Functions, and Limits ਖਤਮ ਕਰਨਾ
  3. NCERT ਦੀ 11ਵੀਂ ਦੀ ਮੈਥ ਦੀ ਕਿਤਾਬ ਦੇ ਪਹਿਲੇ ਚਾਰ ਚੈਪਟਰ ਪੜ੍ਹਨੇ
  4. ਚਾਰਲਸ ਪਿਟਸਜ਼ੋਲਡ (Charles Petzold) ਦੀ ਕਿਤਾਬ Code ਅਤੇ ਨਿਕੋਲਾਈ ਗੋਗੋਲ (Николай Гогол) ਦਾ ਨਾਵਲ ਮੁਰਦਾ ਰੂਹਾਂ ਪੜ੍ਹਨੇ
  5. ਹਰ ਰੋਜ਼ ਰੂਸੀ ਪੜ੍ਹਨੀ 
ਹੁਣ ਦੰਸਬਰ ਦੇ ਆਖਿਰੀ ਹਫ਼ਤੇ ਜਾਇਜ਼ਾ ਲਵਾਂਗਾ ਕਿ ਇਹ ਪਲਾਨ ਕਿਨ੍ਹਾਂ ਕੁ ਸਫਲ ਹੋਇਆ।